ਸ਼ੁਰੂਆਤੀ ਦਿਨਾਂ 'ਚ ਚਮਕੀਲੇ ਨਾਲ ਗਾਉਣ ਵਾਲੀ ਉੱਘੀ ਲੋਕ ਗਾਇਕਾ ਸੁਰਿੰਦਰ ਸੋਨੀਆਂ

ਹਰ ਸਟੇਜ ਦੀ ਸ਼ੁਰੂਆਤ 'ਪੁੱਛੀਂ ਤਾਂ ਸਹੀ ਨਨਾਣੇ ਤੇਰੇ ਵੀਰ ਨੂੰ,ਰਾਤ ਦਾ ਨਾ ਬੋਲੇ ਮੇਰੇ ਨਾਲ' ਸੁਪਰਹਿੱਟ ਸੋਲੋ ਗੀਤ ਨਾਲ ਕਰਨ ਵਾਲੀ ਸੁਰਿੰਦਰ ਸੋਨੀਆਂ ਬਹੁਤ ਲੰਮਾ ਸਮਾਂ ਪੰਜਾਬੀ ਦੋਗਾਣਾ ਗਾਇਕੀ 'ਚ ਸਿਖਰ ਤੇ ਰਹੀ।ਅੱਜ ਦੀ ਮਿਸ ਪੂਜਾ ਵਾਂਗ ਉਹ ਜਿਸ ਵੀ ਕਲਾਕਾਰ ਨਾਲ ਗਾਉਂਦੀ ਸੀ,ਉਹ ਹਿੱਟ ਹੋ ਜਾਂਦਾ ਸੀ।ਸੁਰਿੰਦਰ ਸੋਨੀਆਂ ਦਾ ਜਨਮ 2 ਜੁਲਾਈ,ਸੰਨ 1946 ਵਿੱਚ ਪਾਕਿਸਤਾਨ ਪੰਜਾਬ ਦੇ ਸ਼ਹਿਰ ਗੁਜਰਾਂਵਾਲਾ ਵਿਖੇ ਪਿਤਾ ਕੇਸਰ ਸਿੰਘ ਕੋਹਲੀ ਦੇ ਘਰ ਮਾਤਾ ਪ੍ਰਕਾਸ਼ ਕੌਰ ਕੋਹਲੀ ਦੀ ਕੁੱਖੋਂ ਹੋਇਆ।3 ਅਕਤੂਬਰ,1975 ਨੂੰ ਰਿਲੀਜ਼ ਹੋਈ ਲੁਧਿਆਣਾ ਫ਼ਿਲਮਸ ਬੈਨਰ ਹੇਠ ਬਣੀ ਇੰਦਰਜੀਤ ਹਸਨਪੁਰੀ ਦੀ ਪਲੇਠੀ ਪੰਜਾਬੀ ਫ਼ਿਲਮ 'ਤੇਰੀ ਮੇਰੀ ਇਕ ਜਿੰਦੜੀ' ਵਿੱਚ ਨਰਿੰਦਰ ਬੀਬਾ ਨਾਲ ਗਾਏ ਗੀਤ 'ਪਿਆਰ ਇੰਜ ਪਾਈਦਾ' ਨਾਲ ਪਹਿਲੀ ਵਾਰ ਸਰੋਤਿਆਂ ਨੂੰ ਸੁਰਿੰਦਰ ਸੋਨੀਆਂ ਦੀ ਆਵਾਜ਼ ਸੁਣਨ ਨੂੰ ਮਿਲੀ।ਸੁਰਿੰਦਰ ਸੋਨੀਆਂ ਦਾ ਵਿਆਹ ਕਸ਼ਮੀਰੀ ਲਾਲ ਨਾਲ ਹੋਇਆ ਜਿਸਨੇ ਉਸ ਦਾ ਗਾਇਕੀ ਚ ਬਹੁਤ ਸਾਥ ਦਿੱਤਾ।ਉਸ ਨੇ ਸੰਤ ਰਾਮ ਖੀਵਾ ਨੂੰ ਗਾਇਕੀ ਚ ਉਸਤਾਦ ਧਾਰਿਆ ਤੇ ਸਭ ਤੋਂ ਪਹਿਲਾਂ ਅਖਾੜਿਆਂ 'ਚ ਉਨ੍ਹਾਂ ਨਾਲ ਹੀ ਗਾਇਆ।

ਪੰਜਾਬੀ ਦੋਗਾਣਾ ਗਾਇਕੀ ਦੇ ਥੰਮ੍ਹ ਮੰਨੇ ਜਾਂਦੇ ਅਮਰ ਸਿੰਘ ਚਮਕੀਲਾ ਨੂੰ ਸ਼ੁਰੂਆਤੀ ਦਿਨਾਂ 'ਚ ਹਿੱਟ ਕਰਨ ਵਾਲੀ ਸੁਰਿੰਦਰ ਸੋਨੀਆਂ ਹੀ ਸੀ।ਸ਼ੁਰੂਆਤੀ ਦਿਨਾਂ 'ਚ ਸੁਰਿੰਦਰ ਛਿੰਦਾ ਤੇ ਨਜੀਰ ਮੁਹੰਮਦ ਸੋਨੀਆਂ ਨਾਲ ਦੋਗਾਣੇ ਗਾ ਕੇ ਹਿੱਟ ਹੋਏ।ਉਸ ਸਮੇਂ ਜੋ ਵੀ ਕਲਾਕਾਰ ਉਸ ਨਾਲ ਰਿਕਾਰਡਿੰਗ ਕਰਵਾਉਂਦਾ ਸੀ ਉਹ ਹਿੱਟ ਹੋ ਜਾਂਦਾ ਸੀ।ਸੁਰਿੰਦਰ ਸੋਨੀਆਂ ਦੇ ਜ਼ਿਆਦਾ ਦੋਗਾਣੇ ਅਮਰ ਸਿੰਘ ਚਮਕੀਲਾ ਨਾਲ ਹਿੱਟ ਹੋਏ।ਟਕੂਏ ਤੇ ਟਕੂਆ ਖੜ੍ਹਕੇ,ਨੀਂ ਮੈਂ ਡਿੱਗੀ ਤਿਲਕ ਕੇ,ਜੇਠ ਗੁੱਗਲ ਦੀ ਧੂਣੀ,ਗੱਡੀ ਛੇ ਸਿਲੰਡਰ ਦੀ,ਕੁੜਤੀ ਸਤਰੰਗ ਦੀ,ਬਾਪੂ ਸਾਡਾ ਗੁੰਮ ਹੋ ਗਿਆ,ਸੰਤਾਂ ਨੇ ਪਾਈ ਫੇਰੀ,ਬੋਲੇ ਚਿਮਟਾ ਸਾਧ ਦੇ ਡੇਰੇ ਤੇ ਕੱਢਦੀ ਰੁਮਾਲ ਉੱਤੇ ਬੂਟੀਆਂ ਵਰਗੇ ਦੋਗਾਣੇ ਉਸ ਦੇ ਵੱਖ ਵੱਖ ਕਲਾਕਾਰਾਂ ਨਾਲ ਰਿਕਾਰਡ ਹੋਏ ਜੋ ਬਹੁਤ ਹੀ ਮਕਬੂਲ ਹੋਏ।ਸੋਨੀਆਂ ਨੇ ਅਖਾੜਿਆਂ ਵਿੱਚ ਸਭ ਤੋਂ ਜ਼ਿਆਦਾ ਸਮਾਂ ਨਜ਼ੀਰ ਮੁਹੰਮਦ ਨਾਲ ਗਾਇਆ।

ਸੁਰਿੰਦਰ ਸੋਨੀਆਂ ਭਾਵੇਂ ਲੰਘੇ ਵੇਲੇ ਦੀ ਸੁਪਰਸਟਾਰ ਕਲਕਾਰ ਸੀ ਪਰ ਉਸ ਵਿੱਚ ਨਿਮਰਤਾ ਬਹੁਤ ਸੀ।ਉਹ ਆਪਣੇ ਤੋਂ ਸੀਨੀਅਰ ਕਲਾਕਾਰਾਂ ਦਾ ਬਹੁਤ ਸਤਿਕਾਰ ਕਰਦੀ ਸੀ।ਗਾਇਕ ਚਮਕੀਲਾ ਨੂੰ ਉਹ ਯਾਦ ਕਰਕੇ ਉਦਾਸ ਹੋ ਜਾਂਦੀ ਸੀ।ਉਸ ਦੇ ਦੱਸਣ ਮੁਤਾਬਕ ਚਮਕੀਲਾ ਨਿਮਰ ਸੁਭਾ ਦਾ ਮਾਲਕ,ਹਰ ਸਮੇਂ ਮਿਹਨਤ ਕਰਨ ਵਾਲਾ ਤੇ ਸਮਕਾਲੀ ਕਲਾਕਾਰਾਂ ਦਾ ਸਤਿਕਾਰ ਕਰਨ ਵਾਲਾ ਮਹਾਨ ਗਵੱਈਆ ਸੀ।ਸੁਰਿੰਦਰ ਸੋਨੀਆਂ ਸਵਰਨ ਲਤਾ,ਪ੍ਰਕਾਸ ਕੌਰ,ਨਰਿੰਦਰ ਬੀਬਾ ਤੇ ਸੁਰਿੰਦਰ ਕੌਰ ਦੀ ਗਾਇਕੀ ਨੂੰ ਬਹੁਤ ਪਸੰਦ ਕਰਦੀ ਸੀ।ਇਕ ਸਮੇਂ ਤਾਂ ਪੰਜਾਬ ਦੇ ਪਿੰਡਾਂ 'ਚ ਲਗਦੇ ਅਖਾੜੇ ਤੇ ਮੁੰਬਈ ਫ਼ਿਲਮ ਨਗਰੀ ਵਿੱਚ ਸੁਰਿੰਦਰ ਸੋਨੀਆਂ ਦਾ ਪੂਰਾ ਨਾਂ ਸੀ।ਸੁਰਿੰਦਰ ਸੋਨੀਆਂ ਨੇ ਆਪਣਾ ਆਖ਼ਰੀ ਸਮਾਂ ਬਹੁਤ ਤੰਗੀਆਂ ਤੁਰਛੀਆਂ 'ਚ ਬਤੀਤ ਕੀਤਾ।ਆਖ਼ਰੀ ਸਮੇਂ ਉਹ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਰਹੀ ਤੇ ਉੱਥੇ ਇਕ ਸਟੂਡੀਓ ਵੀ ਚਲਾਇਆ ਜਿੱਥੇ ਨਵੇਂ ਕਲਾਕਾਰਾਂ ਦੀ ਰਿਕਾਰਡਿੰਗ ਕੀਤੀ ਜਾਂਦੀ ਸੀ।ਕਾਫੀ ਸਮਾਂ ਉਹ ਬਿਮਾਰ ਰਹੀ ਪਰ ਕਿਸੇ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਲੱਗਾ ਤੇ ਅਖੀਰ 29 ਅਕਤੂਬਰ,2019 ਨੂੰ ਉਹ ਆਪਣੇ ਚਾਹੁਣ ਵਾਲਿਆਂ ਨੂੰ ਛੱਡ ਕੇ ਤੁਰ ਗਈ।ਕਲਾਕਾਰ ਮਰ ਕੇ ਵੀ ਆਪਣੀ ਆਵਾਜ਼ ਨਾਲ ਰਹਿੰਦੀ ਦੁਨੀਆਂ ਤਕ ਜ਼ਿਊਂਦਾ ਰਹਿੰਦਾ ਹੈ।ਸਰੀਰ ਬੇਸ਼ੱਕ ਮਰ ਜਾਂਦੇ ਹਨ ਪਰ ਆਵਾਜ਼ਾਂ ਕਦੇ ਨਹੀਂ ਮਰਦੀਆਂ।

ਸ਼ਮਸ਼ੇਰ ਸਿੰਘ ਸੋਹੀ

98764-74671

Amarjot Biography

Gulshan komal Biography

   

Comments