- Get link
- X
- Other Apps
- Get link
- X
- Other Apps
ਕੇ.ਦੀਪ (ਕੁਲਦੀਪ ਸਿੰਘ) ਦਾ ਜਨਮ 10 ਦਸੰਬਰ, 1940 ਨੂੰ ਬਰਮਾ (ਹੁਣ ਮਿਆਂਮਾਰ) ਦੀ ਰਾਜਧਾਨੀ ਰੰਗੂਨ (ਹੁਣ ਯੰਗੂਨ) ਵਿਖੇ ਪਿਤਾ ਸ. ਕਰਤਾਰ ਸਿੰਘ ਦੇ ਘਰ ਮਾਤਾ ਭਗਵੰਤ ਕੌਰ ਦੀ ਕੁੱਖੋਂ ਹੋਇਆ। ਉਸਨੇ ਸਕੂਲ ਤੇ ਕਾਲਜ ਦੀ ਪੜਾਈ ਲੁਧਿਆਣਾ ਤੋਂ ਕੀਤੀ ਤੇ ਰੋਹਤਕ ਤੋਂ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਹਾਸਲ ਕੀਤਾ। ਸ਼ੁਰੂਆਤੀ ਦਿਨਾਂ ਵਿੱਚ ਕੇ.ਦੀਪ ਨੇ ਬੰਬਈ (ਹੁਣ ਮੁੰਬਈ) ਵਿਖੇ ਕਈ ਮਸ਼ਹੂਰ ਸੰਗੀਤਕਾਰਾਂ ਕੋਲੋਂ ਸੰਗੀਤ ਦੀ ਮੱੁਢਲੀ ਸਿੱਖਿਆ ਗ੍ਰਹਿਣ ਕੀਤੀ ਤੇ ਫਿਰ ਕਲਕੱਤੇ (ਹੁਣ ਕੋਲਕਾਤਾ) ਵਿਖੇ ਇਕ ਪ੍ਰੋਗਰਾਮ ਦੌਰਾਨ ਉਸਦਾ ਮੇਲ ਜ਼ਿਲਾ ਰੋਪੜ (ਹੁਣ ਰੂਪਨਗਰ) ਦੇ ਪਿੰਡ ਬੂਰ ਮਾਜਰੇ ਦੀ ਗਾਇਕਾ ਜਗਮੋਹਣ ਕੌਰ ਨਾਲ ਹੋਇਆ ਤੇ ਛੇਤੀ ਹੀ ਦੋਵੇਂ ਵਿਆਹ ਬੰਧਨ ਵਿੱਚ ਬੱਝ ਗਏ।
ਕੇ.ਦੀਪ ਤੇ ਜਗਮੋਹਣ ਕੌਰ ਨੇ ਮਾਈ ਮੋਹਣੋ ਤੇ ਪੋਸਤੀ ਦੇ ਪਾਤਰ ਸਿਰਜ ਕੇ ਪੰਜਾਬੀ ਪੇਂਡੂ ਲੋਕਾਂ ਦੇ ਦਿਲਾਂ ਤੇ ਬਹੁਤ ਲੰਮਾ ਸਮਾਂ ਰਾਜ ਕੀਤਾ ਤੇ ਹਸਾ ਹਸਾ ਕੇ ਉਨਾਂ ਦੇ ਢਿੱਡੀਂ ਪੀੜਾਂ ਪਾਈਆਂ। ਕੇ.ਦੀਪ ਵੱਲੋਂ ਮੂੰਹ ਨਾਲ ਸੰਗੀਤਕ ਸਾਜ ਵਜਾ ਲੈਣੇ ਤੇ ਰੁਮਾਂਟਿਕ ਅੰਦਾਜ਼ ਵਿੱਚ, ‘ਮੈਂ ਕਿਹਾ ਮਾਈ ਮੋਹਣੋ... ਮਾਈ ਮੋਹਣੋ..’ ਅੱਜ ਵੀ ਲੋਕਾਂ ਦੇ ਚੇਤਿਆਂ ’ਚੋਂ ਵਿਸਰਿਆ ਨਹੀਂ ਹੈ। ਇੱਥੋਂ ਤੱਕ ਕਿ ਲੋਕ ਆਪਣੀ ਘਰਵਾਲੀ ਨੂੰ ‘ਮਾਈ ਮੋਹਣੋ’ ਹੀ ਕਹਿਣ ਲੱਗ ਪਏ ਸਨ। ਇਸ ਜੋੜੀ ਦੇ ਕਾਮੇਡੀ ਗੀਤ ਡਾਕਟਰ ਦੀ ਦਵਾਈ ਤੋਂ ਵੀ ਜ਼ਿਆਦਾ ਕੰਮ ਕਰਦੇ ਸਨ। ਉਸ ਸਮੇਂ ਪੰਜਾਬ ਵਿੱਚ ਦਹਿਸ਼ਤ ਵਾਲੇ ਮਾਹੌਲ ਵਿੱਚ ਡਰੇ ਹੋਏ ਲੋਕਾਂ ਨੂੰ ਕੋਈ ਹਸਾ ਰਿਹਾ ਸੀ ਤਾਂ ਉਹ- ਗੀਤਾਂ ਵਿੱਚ ਕੇ.ਦੀਪ ਤੇ ਜਗਮੋਹਣ ਕੌਰ ਤੇ ਪੰਜਾਬੀ ਫ਼ਿਲਮਾਂ ਵਿੱਚ ਮਿਹਰ ਮਿੱਤਲ ਹੀ ਸੀ। ਦੋਵੇਂ ਪਤੀ ਪਤਨੀ ਪੜੇ-ਲਿਖੇ ਵੀ ਸੀ, ਇਸ ਕਰਕੇ ਇਨਾਂ ਨੂੰ ਬਹੁਤ ਵੱਡੇ ਲੋਕ ਪਸੰਦ ਕਰਦੇ ਸੀ।
ਇਨਾਂ ਦੀ ਕਾਮੇਡੀ ਦੇ ਹਿੱਟ ਹੋਣ ਦਾ ਵੱਡਾ ਕਾਰਨ ਇਹ ਸੀ ਕਿ ਦੋਵੇਂ ਬਿਨਾ ਕਿਸੇ ਤਿਆਰੀ ਤੋਂ ਕਾਮੇਡੀ ਦੀ ਸਕਿ੍ਰਪਟ ਤਿਆਰ ਕਰ ਲੈਂਦੇ ਸੀ। ਸੰਨ 1972 ’ਚ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਮੇਲੇ ਮਿੱਤਰਾਂ ਦੇ’ ਵਿੱਚ ਇਕ ਛੋਟੇ ਜਿਹੇ ਰੋਲ ਨਾਲ ਪਹਿਲੀ ਵਾਰ ਕੇ.ਦੀਪ ਸਰੋਤਿਆਂ ਦੇ ਸਨਮੁਖ ਹੋਇਆ। ਉਸ ਸਮੇਂ ਦੀਆਂ ਪੰਜਾਬੀ ਫ਼ਿਲਮਾਂ ਵਿੱਚ ਕੇ. ਦੀਪ ਦੇ ਸੋਲੋ ਤੇ ਜਗਮੋਹਣ ਕੌਰ ਨਾਲ ਗਾਏ ਮਜ਼ਾਹੀਆ ਗੀਤ ਮਿਹਰ ਮਿੱਤਲ ਤੇ ਫਿਲਮਾਏ ਗਏ ਜੋ ਲੋਕਾਂ ਨੇ ਬਹੁਤ ਪਸੰਦ ਕੀਤੇ। ਸੋਲੋ, ਦੋਗਾਣੇ (ਰੁਮਾਂਟਿਕ ਤੇ ਵਿਅੰਗਮਈ), ਧਾਰਮਿਕ, ਸ਼ਬਦ ਤੇ ਗ਼ਜ਼ਲਾਂ ਤੋਂ ਇਲਾਵਾ ਸਭ ਤੋਂ ਪਹਿਲਾਂ ਜਗਮੋਹਣ ਕੌਰ ਨਾਲ ਸੰਨ 1976 ਵਿੱਚ ਐੱਸ. ਮਹਿੰਦਰ ਦੇ ਮਿਊਜ਼ਿਕ ਵਿੱਚ ਕੇ.ਦੀਪ ਨੇ ਸ਼ਿਵ ਕੁਮਾਰ ਬਟਾਲਵੀ ਨੂੰ ਗਾਇਆ।
ਉਸ ਜ਼ਮਾਨੇ ਵਿੱਚ ਬਹੁਤੇ ਕਲਾਕਾਰ ਭਾਵੇਂ ਸਟੇਜ ਤੇ ਤੁਰਲੇ ਵਾਲੀ ਪੱਗ ਬੰਨ ਕੇ ਗਾਉਂਦੇ ਸੀ ਪਰ ਕੇ.ਦੀਪ ਨੇ ਇਕ ਦਫ਼ਤਰੀ ਬਾਬੂ ਵਾਂਗ ਪੈਂਟ ਕੋਟ ਤੇ ਟਾਈ ਲਗਾ ਕੇ ਹੀ ਅਖਾੜਿਆਂ ’ਚ ਜ਼ਿਆਦਾ ਗਾਇਆ। ਜਗਮੋਹਣ ਕੌਰ ਦੀ ਮੌਤ ਤੋਂ ਬਾਅਦ ਗਾਇਕੀ ’ਚ ਉਹ ਪਹਿਲਾਂ ਵਰਗਾ ਰੰਗ ਨਹੀਂ ਵਿਖਾ ਸਕਿਆ ਜਾਂ ਇੰਜ ਕਹਿ ਲਓ ਕਿ ਕੇ.ਦੀਪ ਉੱਦਣ ਹੀ ਮਰ ਗਿਆ ਸੀ ਤਾਂ ਇਸ ਵਿੱਚ ਕੋਈ ਝੂਠ ਨਹੀਂ। ਕੇ.ਦੀਪ ਦਾ ਪਰਿਵਾਰਕ ਪਿਛੋਕੜ ਭਾਵੇਂ ਐਤੀਆਣਾ (ਜ਼ਿਲਾ ਲੁਧਿਆਣਾ) ਦਾ ਸੀ ਪਰ ਜ਼ਿੰਦਗੀ ਦਾ ਬਹੁਤਾ ਸਮਾਂ ਉਸਨੇ ਲੁਧਿਆਣਾ ਵਿੱਚ ਹੀ ਬਤੀਤ ਕੀਤਾ।
ਆਖ਼ਰੀ ਸਮੇਂ ਉਹ ਸ਼ਿਵ ਕੁਮਾਰ ਬਟਾਲਵੀ ਤੇ ਮੁਹੰਮਦ ਰਫ਼ੀ ਦੇ ਗੀਤਾਂ ਦੀਆਂ ਦੋ ਐਲਬਮਾਂ ਨੂੰ ਰਿਲੀਜ਼ ਕਰਨ ਦੀ ਤਿਆਰੀ ਵਿੱਚ ਸੀ। 22 ਅਕਤੂਬਰ, 2020 ਨੂੰ ਕੇ. ਦੀਪ ਇਸ ਜਹਾਨ ਤੋਂ ਰੁਖਸਤ ਹੋ ਗਿਆ। ਇਸ ਸਮੇਂ ਉਸਦੀ ਬੇਟੀ ਗੁਰਪ੍ਰੀਤ ਕੌਰ (ਬਿੱਲੀ) ਉਸਦੀ ਸੰਗੀਤਕ ਵਿਰਾਸਤ ਨੂੰ ਅੱਗੇ ਤੋਰ ਰਹੀ ਹੈ। ਜਿਊਂਦੇ ਜੀਅ ਚਲੋਂ ਨਹੀਂ ਪਰ ਅਜਿਹੀ ਸ਼ਖ਼ਸੀਅਤ ਨੂੰ ਮਰਨ ਉਪਰੰਤ ਪਦਮਸ਼੍ਰੀ ਐਵਾਰਡ ਜ਼ਰੂਰ ਮਿਲਣਾ ਚਾਹੀਦਾ ਹੈ।
ਸ਼ਮਸ਼ੇਰ ਸਿੰਘ ਸੋਹੀ
- Get link
- X
- Other Apps
Comments
ਸੋਹੀ ਸਾਬ ਤੁਸੀਂ ਬਹੁਤ ਵਧਿੱਆ ਜਾਣਕਾਰੀ ਸਾਡੇ ਤਕ ਪਹੁੰਚਾ ਰਹੇ ਹੋ ਪਰਮਾਤਮਾ ਤੁਹਾਡੀ ਚੜਦੀ ਕਲਾ ਰਖੇ ।
ReplyDeleteਧੰਨਵਾਦ ਜੀ।
ReplyDelete