ਪੰਜਾਬੀ ਦੋਗਾਣਾ ਗਾਇਕੀ ਦਾ ਸਿਤਾਰਾ ਮਨਜੀਤ ਰਾਹੀ


ਮਸ਼ਹੂਰ ਦੋਗਾਣਾ ਜੋੜੀ ਮਨਜੀਤ ਰਾਹੀ ਤੇ ਦਲਜੀਤ ਕੌਰ ਨੂੰ ਸ਼ਾਇਦ ਹੀ ਕੋਈ ਪੰਜਾਬੀ ਹੋਵੇਗਾ ਜੋ ਨਾ ਜਾਣਦਾ ਹੋਵੇ। ਕਰੀਬ 20 ਸਾਲ ਇਹ ਗਾਇਕ ਜੋੜੀ ਪੰਜਾਬੀ ਲੋਕਾਂ ਦੇ ਦਿਲਾਂ ਦੀ ਧੜਕਣ ਬਣੀ ਰਹੀ। ਅਮਲੋਹ ਲਾਗਲੇ ਪਿੰਡ ਮਾਜਰੀ ਕਿਸਨੇ ਵਾਲੀ ਦੇ ਜੰਮਪਲ ਮਨਜੀਤ ਰਾਹੀ ਨੇ ਕਈ ਮਸ਼ਹੂਰ ਦੋਗਾਣੇ ਪੰਜਾਬੀ ਸਰੋਤਿਆਂ ਦੀ ਝੋਲੀ ਪਾਏ। ਇਕ ਸਮਾਂ ਤਾਂ ਅਜਿਹਾ ਵੀ ਆਇਆ ਜਦੋਂ ਮਨਜੀਤ ਰਾਹੀ ਤੋਂ ਬਿਨਾਂ ਹਰ ਪ੍ਰੋਗਰਾਮ ਅਧੂਰਾ ਲੱਗਦਾ ਸੀ। ਚੜਾਈ ਸਮੇਂ  ਇਹ ਦੋਗਾਣਾ ਜੋੜੀ ਪੰਜਾਬੀਆਂ ਦੀ ਪਹਿਲੀ ਪਸੰਦੀਦਾ ਦੋਗਾਣਾ ਜੋੜੀ ਸੀ। 

ਆਪਣੇ ਗਾਇਕੀ ਜੀਵਨ ਦੌਰਾਨ ਮਨਜੀਤ ਰਾਹੀ ਨੇ ਬਹੁਤ ਸਾਰੇ ਮਸ਼ਹੂਰ ਦੋਗਾਣੇ ਗਾਏ। 'ਕੈਂਠੇ ਵਾਲਾ ਬਾਈ ਤੇਰਾ ਕੀ ਲੱਗਦਾ' ਗੀਤ ਨਾਲ ਉਹ ਹਰ ਪੰਜਾਬੀ ਦਾ ਚਹੇਤਾ ਗਾਇਕ ਬਣ ਗਿਆ ਸੀ। ਇਸ ਤੋਂ ਇਲਾਵਾ ਮਨਜੀਤ ਰਾਹੀ ਦੀ ਆਵਾਜ਼ ’ਚ ਰਿਕਾਰਡ ਗੀਤਾਂ ਦਾ ਵੇਰਵਾ ਇਸ ਪ੍ਰਕਾਰ ਹੈ:–

 1. ਦੱਸੀਂ ਕੋਈ ਸੇਵਾ ਹੋਰ

2. ਜੰਨ ਸੋਫ਼ੀਆਂ ਦੀ ਹੋਵੇ

3. ਪੁੱਛ ਮੇਰੇ ਦਿਲ ਤੋਂ

4. ਜੀਜੇ ਨਾਲ ਹੱਸ-ਹੱਸ ਕੇ 

5. ਵਿਛੜੇ ਨਾ ਮਰ ਜਾਈਏ

6. ਅਸੀਂ ਜੇਠ ਨੂੰ ਵੀਰ ਜੀ ਕਹਿਣਾ

7. ਭੈਣ ਮੇਰੀ ਮੋਤੀਏ ਦੇ ਫੁੱਲ ਵਰਗੀ 

8. ਮੈਨੂੰ ਤਾਂ ਕਹਿੰਦੀ ਸਿਰ ਦੁੱਖਦਾ

9. ਭਾਬੀ ਨੂੰ ਬੁਲਾਉਣਾ ਛੱਡਤਾ

ਇਨ੍ਹਾਂ ਸਾਰਿਆਂ ਗੀਤਾਂ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ। ਕੁਝ ਵਰੇ ਪਹਿਲਾਂ ਕਿਸੇ  ਝਗੜੇ ਕਾਰਨ ਮਨਜੀਤ ਰਾਹੀ ਤੇ ਦਲਜੀਤ ਕੌਰ ਇਕ ਦੂਜੇ ਨਾਲੋਂ ਅਲੱਗ ਹੋ ਗਏ। ਮਨਜੀਤ ਰਾਹੀ ਨੇ ਗਾਇਕੀ ਜੀਵਨ ਦੌਰਾਨ ਵਿਦੇਸ਼ਾਂ ਵਿੱਚ ਵੀ ਪ੍ਰੋਗਰਾਮ ਕਰਕੇ ਪੰਜਾਬੀ ਸਰੋਤਿਆਂ ਨੂੰ ਕੀਲਿਆ। 

ਜ਼ਿੰਦਗੀ ਦੇ ਅੰਤਲੇ ਦਿਨਾਂ ’ਚ ਉਹ ਬਿਮਾਰ ਰਿਹਾ ਤੇ ਗਾਉਣਾ ਵੀ ਛੱਡ ਗਿਆ। ਆਪਣੇ ਸਮੇਂ ਦਾ ਇਹ ਮਸ਼ਹੂਰ ਗਾਇਕ ਆਖਰੀ ਸਮੇਂ ਇਕ ਬੰਦ ਕਮਰੇ ਵਿੱਚ ਗੁਰਬਤ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋਇਆ। 30 ਅਕਤੂਬਰ ਨੂੰ ਸਿਹਤ ਜ਼ਿਆਦਾ ਵਿਗੜਨ ਕਰਕੇ ਉਹ ਆਪਣੇ ਲੱਖਾਂ ਸਰੋਤਿਆਂ ਨੂੰ ਰੋਂਦੇ ਛੱਡ ਗਿਆ। ਭਾਵੇਂ ਮਨਜੀਤ ਰਾਹੀ ਅੱਜ ਇਸ ਦੁਨੀਆ ’ਚ ਨਹੀਂ ਰਿਹਾ ਪਰ ਉਸਦੇ ਗਾਏ ਗੀਤ ਸਦਾ ਹੀ ਲੋਕਾਂ ਦੇ ਚੇਤਿਆਂ ’ਚ ਵਸੇ ਰਹਿਣਗੇ।

ਸ਼ਮਸ਼ੇਰ ਸਿੰਘ ਸੋਹੀ

98764-74671

Kuldeep Manak Biography

Comments