ਦੋਗਾਣਾ ਗਾਇਕੀ ਵਿੱਚ ਵੀ ਨਾਂ ਚਮਕਾਇਆ ਸੀ ਕੁਲਦੀਪ ਮਾਣਕ ਨੇ


ਕੁਲਦੀਪ ਮਾਣਕ ਨੂੰ ਸਾਰੀ ਦੁਨੀਆਂ ਕਲੀਆਂ ਦਾ ਬਾਦਸ਼ਾਹ ਤੇ ਲੋਕ ਗਾਥਾਵਾਂ ਗਾਉਣ ਵਾਲਾ ਗਾਇਕ ਹੀ ਮੰਨਦੀ ਹੈ ਪਰ ਉਸਨੇ ਪੰਜਾਬ ਦੀਆਂ ਪ੍ਰਸਿੱਧ ਲੋਕ ਗਾਇਕਾਵਾਂ ਨਾਲ ਦੋਗਾਣੇ ਵੀ ਗਾਏ ਜੋ ਬਹੁਤ ਹੀ ਮਸ਼ਹੂaਰ ਹੋਏ। ਦੋਗਾਣਾ ਗਾਇਕੀ ਦਾ ਥੰਮ ਭਾਵੇਂ ਅਮਰ ਸਿੰਘ ਚਮਕੀਲਾ ਨੂੰ ਮੰਨਿਆ ਜਾਂਦਾ ਹੈ ਪਰ ਇਸ ਦੌਰ ਵਿੱਚ ਮਾਣਕ ਨੇ ਵੀ ਕੁੱਝ ਦੋਗਾਣੇ ਰਿਕਾਰਡ ਕਰਵਾਏ ਜੋ ਸੁਪਰਹਿੱਟ ਹੋਏ। ਕੁਲਦੀਪ ਮਾਣਕ ਦਾ ਜਨਮ ਪਿੰਡ ਜਲਾਲ (ਜ਼ਿਲਾ ਬਠਿੰਡਾ) ਵਿਖੇ 15 ਨਵੰਬਰ, 1951 ਨੂੰ ਪਿਤਾ ਨਿੱਕਾ ਸਿੰਘ ਦੇ ਘਰ ਮਾਤਾ ਬਚਨ ਕੌਰ ਦੀ ਕੁੱਖੋਂ ਹੋਇਆ। ਬਚਪਨ ਵਿੱਚ ਹੀ ਗਾਇਕੀ ਵੱਲ ਝੁਕਾਅ ਤੇ ਸ਼ੂਰੂਆਤੀ ਦਿਨਾਂ ’ਚ ਇਕ ਬਾਲ ਕਲਾਕਾਰ ਵੱਜੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਸਟੇਜ ਤੇ ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਲਤੀਫ਼ ਮੁਹੰਮਦ (ਬਚਪਨ ਦਾ ਨਾਂ) ਉਸਤਾਦ ਖ਼ੁਸ਼ੀ ਮੁਹੰਮਦ ਕਵਾਲ ਕੋਲੋਂ ਸੰਗੀਤ ਦੀ ਤਾਲੀਮ ਹਾਸਲ ਕਰਕੇ ਲੁਧਿਆਣਾ ਚਲਾ ਗਿਆ। ਗਾਇਕੀ ਵਿੱਚ ਕੁਲਦੀਪ ਮਾਣਕ ਦੀ ਸ਼ੁਰੂਆਤ ਦੋਗਾਣਾ ਗਾਇਕੀ ਨਾਲ ਹੁੰਦੀ ਹੈ। ਜਿਸ ਸਮੇਂ ਉਹ ਗਾਇਕੀ ’ਚ ਆਇਆ ਉਸ ਸਮੇਂ ਹਰਚਰਨ ਗਰੇਵਾਲ-ਸੀਮਾ, ਮੁਹੰਮਦ ਸਦੀਕ-ਰਣਜੀਤ ਕੌਰ, ਦੀਦਾਰ ਸੰਧੂ, ਯਮਲਾ ਜੱਟ ਤੇ ਨਰਿੰਦਰ ਬੀਬਾ ਦੀ ਪੂਰੀ ਚੜਾਈ ਸੀ। ਸ਼ੁਰੂਆਤੀ ਦਿਨਾਂ ’ਚ ਮਾਣਕ ਕਈ ਨਾਮਵਰ ਕਲਾਕਾਰਾਂ ਨਾਲ ਸਾਈਡ ਤੇ ਜਾਂਦਾ ਸੀ ਤੇ ਸਮਾਂ ਮਿਲਣ ਤੇ ਇਕ ਦੋ ਗੀਤ ਵੀ ਗਾ ਲੈਂਦਾ ਸੀ।

ਸੰਨ 1968 ਵਿੱਚ ਸੁਰਿੰਦਰ ਸੀਮਾ ਨਾਲ ਰਿਕਾਰਡ ਦੋਗਾਣਾ ‘ਜੀਜਾ ਅੱਖੀਆਂ ਨਾ ਮਾਰ ਵੇ ਮੈਂ ਕੱਲ ਦੀ ਕੁੜੀ’ ਨਾਲ ਪਹਿਲੀ ਵਾਰ ਸਰੋਤਿਆਂ ਨੂੰ ਕੁਲਦੀਪ ਮਾਣਕ ਦੀ ਆਵਾਜ਼ ਸੁਣਨ ਨੂੰ ਮਿਲੀ। ਮਾਣਕ ਉਸ ਸਮੇਂ ਹਰਚਰਨ ਗਰੇਵਾਲ ਤੇ ਸੀਮਾ ਨਾਲ ਸਾਈਡ ਤੇ ਜਾਂਦਾ ਸੀ। ਇਸ ਗੀਤ ਦੇ ਰਿਕਾਰਡ ਹੋਣ ਤੋਂ ਬਾਅਦ ਮਾਣਕ ਨੂੰ ਬਹੁਤ ਝਿੜਕਾਂ ਪਈਆਂ ਸਨ। ਇਸ ਤੋਂ ਬਾਅਦ ਕੁੱਝ ਕਲੀਆਂ, ਲੋਕ-ਗਾਥਾਵਾਂ ਤੇ ਧਾਰਮਿਕ ਗੀਤ ਗਾਉਣ ਤੋਂ ਬਾਅਦ ਮਾਣਕ ਨੇ ਸਮੇਂ ਸਮੇਂ ਤੇ ‘ਕੁੜੀ ਕਬੂਤਰ ਵਰਗੀ’, ‘ਚੱਲੀਏ ਬੀਕਾਨੇਰ ਮੁਰੱਬਾ ਮਿਲ ਜਾਊਗਾ’, ‘ਬੋਦੀ ਵਾਲਾ ਤਾਰਾ ਚੜਿਆ’, ‘ਯਾਰ ਦਾ ਚੌਥਾ ਗੇੜਾ’, ‘ਤੇਰੇ ਦੁੱਧ ਦੇ ਗਿਲਾਸ ਵਿੱਚ ਮੱਖਣਾ’, ‘ਜਾਗੋ ਛੜਿਓ ਵਿਆਹ ਕਰਵਾ ਲਓ’, ‘ਦਾਰੂ ਪੀਣੀ ਕੁੱਕੜ ਖਾਣੇ’, ‘ਨਾਲੇ ਬਾਬਾ ਲੱਸੀ ਪੀ ਗਿਆ’, ‘ਤੇਰੀ ਆਈ ਨਾ ਦਲੀਪਿਆ ਪਿਆਰੀ’ ਵਰਗੇ ਦੋਗਾਣੇ ਰਿਕਾਰਡ ਕਰਵਾਏ ਪਰ ਅਖਾੜਿਆਂ ਸਮੇਂ ਉਹ ਜ਼ਿਆਦਾ ਸੋਲੋ ਗੀਤ ਹੀ ਗਾਉਂਦਾ ਹੁੁੰਦਾ ਸੀ। ਕੁਲਦੀਪ ਮਾਣਕ ਨੇ ਸੁਰਿੰਦਰ ਸੀਮਾ, ਸਤਿੰਦਰ ਬੀਬਾ, ਅਮਰਜੋਤ, ਗੁਲਸ਼ਨ ਕੋਮਲ, ਕੁਲਦੀਪ ਕੌਰ, ਕੁਲਵੰਤ ਕੋਮਲ, ਸੁਖਵੰਤ ਸੁੱਖੀ, ਦਿਲਰਾਜ ਕੌਰ, ਪ੍ਰਕਾਸ਼ ਸਿੱਧੂ, ਪਰਮਿੰਦਰ ਸੰਧੂ, ਸੁਚੇਤ ਬਾਲਾ ਤੇ ਕਈ ਹੋਰ ਨਾਮਵਾਰ ਗਾਇਕਾਵਾਂ ਨਾਲ ਮਸ਼ਹੂਰ ਦੋਗਾਣੇ ਰਿਕਾਰਡ ਕਰਵਾਏ ਤੇ ਸਟੇਜਾਂ ਵੀ ਕੀਤੀਆਂ।

ਕੁਲਦੀਪ ਮਾਣਕ ਦੇ ਪੰਜਾਬ ਦੀਆਂ ਮਸ਼ਹੂਰ ਗਾਇਕਾਵਾਂ ਨਾਲ ਰਿਕਾਰਡ ਕੁੱਝ ਮਸ਼ਹੂਰ ਦੋਗਾਣੇ ਇਸ ਪ੍ਰਕਾਰ ਹਨ-

ਛਿੱਕ ਚੰਦਰੇ ਜੇਠ ਨੇ ਮਾਰੀ (ਸੁਰਿੰਦਰ ਸੀਮਾ)

ਸੌਂਹ ਮੈਨੂੰ ਤੇਰੇ ਵੀਰ ਦੀ (ਸੁਰਿੰਦਰ ਸੀਮਾ)

ਮੁੱਖ ਤੇ ਝਰੀਟਾਂ ਵੱਜੀਆਂ (ਸਤਿੰਦਰ ਬੀਬਾ)

ਆਇਆ ਦਿਓਰ ਦਾ ਵਿਆਹ (ਸਤਿੰਦਰ ਬੀਬਾ)

ਲੈ ਗਿਆ ਮੇਰੀ ਜਿੰਦ ਕੱਢ ਕੇ (ਅਮਰਜੋਤ) 

ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ, ਹੋਵੇਂ ਪਿੰਡੋਂ ਬਾਹਰ ਚੁਬਾਰਾ (ਅਮਰਜੋਤ)

ਘਰੇ ਚੱਲ ਕੱਢੂੰ ਰੜਕਾਂ, ਮੇਰੇ ਵੀਰ ਨਾ ਕਿਉਂ ਨਾ ਦੱਸ ਆਈ (ਗੁਲਸ਼ਨ ਕੋਮਲ)

ਚਿੱਤ ਕਰੇ ਹੋ ਜਾਂ ਸਾਧਣੀ, ਸੱਸ ਚੰਦਰੀ ਬੋਲੀਆਂ ਮਾਰੇ (ਗੁਲਸ਼ਨ ਕੋਮਲ)

ਹੁਣ ਪਹਿਲਾਂ ਵਾਂਗੂੰ ਹਾਣ ਦੀਏ (ਕੁਲਦੀਪ ਕੌਰ)

ਮੈਂ ਤੇਰੇ ਹਾਣ ਦਾ ਮੁੰਡਾ ਨੀ, ਤੇਰਾ ਦਿਲ ਮੰਗਦਾ (ਕੁਲਦੀਪ ਕੌਰ)

ਸੋਹਣੀ ਕੁੜੀ ਚੰਨ ਵਰਗੀ (ਸੁਚੇਤ ਬਾਲਾ)

ਅੱਖ ਦੱਬ ਕੇ ਸ਼ਰਾਬੀ ਜੱਟ (ਪ੍ਰਕਾਸ਼ ਸਿੱਧੂ)

ਕਿਸੇ ਦੀ ਰੱਬਾ ਮਾਂ ਨਾ ਮਰੇ (ਪ੍ਰੋਮਿਲਾ ਪੰਮੀ)

ਨੀਂ ਆਪੇ ਬੁੱਝ ਲੈ ਤੂੰ ਦਿਲ ਦੀ ਕਹਾਣੀ ਭਾਬੀਏ (ਸੁਖਵੰਤ ਸੁੱਖੀ)

ਵੇ ਤੂੰ ਸੱਦਿਆ ਦੁਪਹਿਰੇ ਆਈ ਵੇ (ਦਿਲਰਾਜ ਕੌਰ)

ਨੀਂ ਗਿੱਠ ਨੀਵੀਂ ਹੋ ਜੇ ਧਰਤੀ, ਅੱਡੀ ਮਾਰ ਕੇ ਜਿੱਥੋਂ ਦੀ ਲੰਘ ਜਾਵੇਂ (ਪਰਮਿੰਦਰ ਸੰਧੂ)

ਆਪਣੇ ਸੰਗੀਤਕ ਸਫ਼ਰ ਦੌਰਾਨ ਮਸ਼ਹੂਰ ਗੀਤਕਾਰ ਹਰਦੇਵ ਦਿਲਗੀਰ (ਦੇਵ ਥਰੀਕੇ ਵਾਲਾ) ਦਾ ਸਾਥ ਤੇ ਕਈ ਮਸ਼ਹੂਰ ਗੀਤ ‘ਤੇਰੇ ਟਿੱਲੇ ਤੋਂ ਔਹ ਸੁਰਤ ਦੀਂਹਦੀ ਆ ਹੀਰ ਦੀ’, ‘ਛੇਤੀ ਕਰ ਸਰਵਣ ਬੱਚਾ’, ‘ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ’, ‘ਹੋਇਆ ਕੀ ਜੇ ਧੀ ਜੰਮ ਪਈ’, ‘ਪੁੱਤ ਜੱਟਾਂ ਦਾ ਹਲ ਵਾਹੁੰਦਾ ਵੱਡੇ ਤੜਕੇ ਦਾ’, ‘ਯਾਰਾਂ ਦਾ ਟਰੱਕ ਬੱਲੀਏ’, ‘ਗੋਲੀ ਮਾਰੋ ਇਹੋ ਜਿਹੇ ਬਨਾਉਟੀ ਯਾਰ ਦੇ’ ਗਾਉਣ ਨਾਲ ਮਾਣਕ ਦੀਆਂ ਗੱਲਾਂ ਘਰ ਘਰ ਹੋਣ ਲੱਗ ਪਈਆਂ ਸਨ। ਮਾਣਕ ਨੇ 80 ਵੇਂ ਦਹਾਕੇ ਵਿੱਚ ਪੰਜਾਬੀ ਫ਼ਿਲਮਾਂ ’ਚ ਵੀ ਸੁਪਰਹਿੱਟ ਨਗਮੇ ਗਾਏ ਤੇ ਅਦਾਕਾਰੀ ਵੀ ਕੀਤੀ। ਮਾਣਕ ਨੇ ਧਾਰਮਿਕ ਗੀਤ ਵੀ ਗਾਏ ਜੋ ਉਸ ਦੌਰ ਵਿੱਚ ਬਹੁਤ ਚੱਲੇ। ਗਾਇਕੀ ਸਫ਼ਰ ਦੌਰਾਨ ਮਾਣਕ ਨੇ ਪੰਜਾਬ ਦੇ ਕਈ ਨਾਮਵਰ ਗੀਤਕਾਰਾਂ ਦੇ ਲਿਖੇ ਗੀਤ ਗਾਏ ਪਰ ਉਸਦੀ ਸਭ ਤੋਂ ਜ਼ਿਆਦਾ ਨੇੜਤਾ ਗੀਤਕਾਰ ਦਲੀਪ ਸਿੰਘ ਸਿੱਧੂ ਤੇ ਦੇਵ ਥਰੀਕਿਆਂ ਵਾਲੇ ਨਾਲ ਰਹੀ। ਸਟੇਜੀ ਅਖਾੜੇ ਦੀ ਸ਼ੁਰੂਆਤ ਸਮੇਂ ਮਾਣਕ ਹਿੱਕ ਦੇ ਜ਼ੋਰ ਨਾਲ ਬਹੁਤ ਹੀ ਬੁਲੰਦ ਆਵਾਜ਼ ’ਚ ਵਾਰ ਬਾਬਾ ਬੰਦਾ ਸਿੰਘ ਬਹਾਦਰ ਗਾਉਂਦਾ ਸੀ। ਉਹ ਅੱਜ ਵੀ ਆਪਣੀ ਗਾਇਕੀ ਕਰਕੇ ਆਪਣੇ ਚਾਹੁਣ ਵਾਲਿਆਂ ਦੇ ਚੇਤਿਆਂ ’ਚ ਵਸਿਆ ਹੋਇਆ ਹੈ।

ਕੁਲਦੀਪ ਮਾਣਕ ਦਾ ਵਿਆਹ ਸੰਨ 1975 ਵਿੱਚ ਸਰਬਜੀਤ ਕੌਰ ਨਾਲ ਹੋਇਆ ਤੇ ਉਸਦੇ ਘਰ ਦੋ ਬੱਚੇ ਯੁੱਧਵੀਰ ਮਾਣਕ ਤੇ ਬੇਟੀ ਸ਼ਕਤੀ ਮਾਣਕ ਪੈਦਾ ਹੋਏ। ਭਾਵੇਂ 30 ਨਵੰਬਰ, 2011 ਨੂੰ ਉਹ ਆਪਣੇ ਚਾਹੁਣ ਵਾਲਿਆਂ ਨੂੰ ਰੋਂਦੇ ਛੱਡ ਗਿਆ ਪਰ ਰਹਿੰਦੀ ਦੁਨੀਆ ਤੱਕ ਸਰੋਤੇ ਪੰਜਾਬੀ ਲੋਕ ਗਾਇਕੀ ’ਚ ਪਾਏ ਯੋਗਦਾਨ ਸਦਕਾ ਉਸਨੂੰ ਅਮਰ ਰੱਖਣਗੇ। ਹਰ ਸਾਲ ਦੀ ਤਰਾਂ ਇਸ ਵਾਰ ਵੀ ਕੁਲਦੀਪ ਮਾਣਕ ਦੀ ਨੌਂਵੀ ਬਰਸੀ ਤੇ ਸਾਲਾਨਾ ਸਭਿਆਚਾਰਕ ਪ੍ਰੋਗਰਾਮ ਪਿੰਡ ਜਲਾਲਦੀਵਾਲ ‘ਟਿੱਲਾ ਮਾਣਕ ਦਾ’ ਵਿਖੇ ਮਨਾਈ ਜਾਂਦੀ ਹੈ। 

ਸ਼ਮਸ਼ੇਰ ਸਿੰਘ ਸੋਹੀ 

98764-74671


   

Comments