ਪੰਜਾਬੀ ਗਾਇਕੀ ਦਾ ਖਿੜਿਆ ਚਮਨ– ਗਾਇਕ ਚਮਨ ਲਾਲ ਚਮਨ


ਪੰਜਾਬੀ ਦੋਗਾਣਾ ਗਾਇਕੀ ਦੀ ਗੱਲ ਕਰੀਏ ਤਾਂ ਚਮਨ ਲਾਲ ਚਮਨ ਦਾ ਨਾਂ ਪੰਜਾਬ ਦੇ ਮਸ਼ਹੂਰ ਕਲਾਕਾਰਾਂ ਦੀ ਕਤਾਰ ਵਿੱਚ ਆਉਂਦਾ ਹੈ।ਉਸ ਦੇ ਸੁਮਨ ਦੱਤਾ ਨਾਲ ਗਾਏ ਦੋਗਾਣੇ ਇਕ ਸਮਾਂ ਬਹੁਤ ਮਸ਼ਹੂਰ ਹੋਏ ਸਨ।ਜ਼ਿਲ੍ਹਾ ਜਲੰਧਰ ਦੇ ਪਿੰਡ ਛੋਟਾ ਕੋਟ ਵਿਖੇ ਸੰਨ 1950 ਵਿੱਚ ਪਿਤਾ ਬਾਬੂ ਰਾਮ ਦੇ ਘਰ ਮਾਤਾ ਧੰਨ ਕੌਰ ਦੀ ਕੁੱਖੋਂ ਹੋਇਆ।ਸਕੂਲ ਸਮੇਂ ਤੋਂ ਹੀ ਗਾਉਣ ਦੇ ਸ਼ੌਕ ਨੇ ਉਸ ਦੀ ਪੜ੍ਹਾਈ ਵਿੱਚੋਂ ਹੀ ਛੁਡਵਾ ਦਿੱਤੀ।ਚਮਨ ਲਾਲ ਚਮਨ ਉਸ ਸਮੇਂ ਦੇ ਪੰਜਾਬ ਦੇ ਨਾਮਵਰ ਕਲਾਕਾਰਾਂ ਦੇ ਗਾਏ ਗੀਤਾਂ ਨੂੰ ਸੁਣਦਾ ਸੀ ਤੇ ਆਪ ਉਸ ਤਰ੍ਹਾਂ ਗਾਉਣ ਦੀ ਕੋਸ਼ਿਸ਼ ਕਰਦਾ ਸੀ।ਉਸ ਨੂੰ ਗਾਇਕੀ ਦਾ ਮਾਹੌਲ ਘਰ ਵਿੱਚੋਂ ਹੀ ਮਿਲਿਆ।ਉਸ ਦੇ ਪਿਤਾ ਜੀ ਤੇ ਚਾਚਾ ਜੀ ਵੀ ਗਾ ਲੈਂਦੇ ਸਨ।ਜਦੋਂ ਉਹ ਕਿੱਸੇ ਗਾਉਂਦੇ ਸੀ ਤਾਂ ਚਮਨ ਲਾਲ ਚਮਨ ਉਨ੍ਹਾਂ ਨੂੰ ਸੁਣਕੇ ਯਾਦ ਕਰ ਲੈਂਦਾ ਸੀ ਤੇ ਆਪਣੇ ਦੋਸਤਾਂ ਨੂੰ ਸੁਣਾਉਂਦਾ ਹੰੁੰਦਾ ਸੀ।ਇਸ ਤਰ੍ਹਾਂ ਦੋਸਤਾਂ ਵੱਲੋਂ ਮਿਲੀ ਹੱਲਾਸ਼ੇਰੀ ਨਾਲ ਉਸ ਦਾ ਗਾਇਕੀ `ਚ ਉਤਸ਼ਾਹ ਹੋਰ ਵਧਦਾ ਗਿਆ।ਕਰੀਬ 10 ਸਾਲ ਦੀ ਬਹੁਤ ਛੋਟੀ ਜਿਹੀ ਉਮਰ `ਚ ਉਸ ਨੇ ਆਪਣੇ ਪਿਤਾ ਬਾਬੂ ਰਾਮ ਨੂੰ ਉਸਤਾਦ ਧਾਰਿਆ ਤੇ ਸੰਗੀਤ ਦੀ ਤਾਲੀਮ ਹਾਸਲ ਕੀਤੀ।ਉਸ ਨੇ ਨਰਿੰਦਰ ਪ੍ਰਕਾਸ਼ ਬੇਦੀ ਕੋਲੋਂ ਵੀ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ।

ਚਮਨ ਲਾਲ ਚਮਨ ਦਾ ਪਹਿਲਾ ਦੋਗਾਣਾ ਮੀਨਾ ਸ਼ਰਮਾ ਨਾਲ ਰਿਕਾਰਡ ਹੋਇਆ ਜਿਸ ਦੇ ਬੋਲ ਸਨ- `ਵੇ ਸਰਪੰਚਾ ਗੱਲ ਸੁਣ ਮੇਰੀ, ਮੰਨ ਜਾ ਮਿੰਨਤ ਕਰਾਂ ਮੈਂ ਤੇਰੀ` ਜੋ ਚੰਨ ਗੁਰਾਇਆ ਵਾਲਾ ਦਾ ਲਿਖਿਆ ਹੋਇਆ ਸੀ।ਚਮਨ ਲਾਲ ਚਮਨ ਕਹਿੰਦਾ ਸੀ ਕਿ ਗੀਤਕਾਰ ਚੰਨ ਗੁਰਾਇਆ ਵਾਲਾ ਨੇ ਜੋ ਮੇਰੇ ਤੇ ਅਹਿਸਾਨ ਕੀਤਾ ਹੈ ਮੈਂ ਸਾਰੀ ਜ਼ਿੰਦਗੀ ਨਹੀਂ ਭੁਲਾ ਸਕਦਾ।ਚਮਨ ਲਾਲ ਚਮਨ ਨੇ ਮੀਨਾ ਸ਼ਰਮਾ, ਸੁਦੇਸ਼ ਕਪੂਰ ਤੇ ਕੁਲਦੀਪ ਮਾਣਕ ਤੋਂ ਇਲਾਵਾ ਨੀਲਮ ਦੱਤਾ ਨਾਲ ਅੱਠ ਸਾਲ ਗਾਇਆ।ਨੀਲਮ ਦੱਤਾ ਨੂੰ ਵੀ ਚਮਨ ਲਾਲ ਨੇ ਹੀ ਗਾਇਕੀ ਸਿਖਾਈ ਤੇ ਇਸ ਤੋਂ ਬਾਅਦ ਉਸ ਨੇ ਨੀਲਮ ਦੱਤਾ ਦੀ ਭੈਣ ਸੁਮਨ ਦੱਤਾ ਨਾਲ ਪੱਕਾ ਸੈੱਟ ਬਣਾ ਲਿਆ।ਚਮਨ ਲਾਲ ਚਮਨ ਨੇ ਪੰਜਾਬ ਦੇ ਪਿੰਡਾਂ ਵਿੱਚ ਬਹੁਤ ਸਾਰੇ ਅਖਾੜੇ ਲਾਏ ਜਿਨ੍ਹਾਂ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ।ਪਰ ਚਮਨ ਲਾਲ ਕਹਿੰਦਾ ਹੰੁਦਾ ਸੀ ਕਿ ਮੈਨੂੰ ਕਈ ਵਾਰ ਲੋਕ ਲੱਚਰ ਕਿਸਮ ਦੇ ਗੀਤ ਗਾਉਣ ਲਈ ਮਜਬੂਰ ਕਰ ਦਿੰਦੇ ਸਨ।ਸੋਨੋਟੋਨ ਟੇਪ `ਇੱਕ ਪੁਰਜਾ ਮੇਲੇ ਵਿੱਚ ਆਇਆ` ਵਿਚਲਾ ਚਮਨ ਲਾਲ ਚਮਨ ਦਾ ਸੁਮਨ ਦੱਤਾ ਨਾਲ ਗਾਇਆ ਦੋਗਾਣਾ `ਖਿੜੇ ਰਹਿਣਾ ਫੁੱਲ ਵਾਂਗਰਾਂ` ਬਹੁਤ ਮਸ਼ਹੂਰ ਹੋਇਆ ਸੀ।

ਚਮਨ ਲਾਲ ਚਮਨ ਦੇ ਗਾਏ ਕੁਝ ਮਸ਼ਹੂਰ ਦੋਗਾਣਿਆਂ ਦੇ ਮੁਖੜੇ ਇਸ ਪ੍ਰਕਾਰ ਹਨ...

ਵੇ ਸਰਪੰਚਾ ਗੱਲ ਸੁਣ ਮੇਰੀ

ਅੱਜ ਦਿਓਰ ਦੀ ਸੁਣ ਕਹਾਣੀ ਵੇ

ਤੇਰੇ ਹਾਣ ਦੀ ਹੋ ਗਈ ਆ

ਮਿੱਟੀ ਦਿਆ ਘੜਿਆ ਵੇ ਲੈ ਚੱਲੀ ਜਾਣਾ ਕੱਠੇ ਪਾਰ ਵੇ

ਤੇਰੇ ਇਤਬਾਰ ਤੇ ਗਰੀਬ ਗਿਆ ਮਰਿਆ

ਘਰ ਨੂੰ ਮੁੜਦੀ ਵੇਖ ਕੁਆਰੀ

ਬਾਬਾ ਆਇਆ ਸੱਠ ਸਾਲ ਦਾ, ਲੈਣ ਕੱਲ ਦੀ ਕੁੜੀ ਦਾ ਮੁਕਲਾਵਾ

ਕੱਚਿਆਂ ਤੰਦਾਂ ਦਾ ਤਾਣਾ ਨੀਂ

ਚਮਨ ਲਾਲ ਚਮਨ ਨੇ ਸੁਮਨ ਦੱਤਾ ਤੇ ਮੇਹਰ ਮਿੱਤਲ ਨਾਲ ਦੁਬਈ ਵਿਖੇ ਕਈ ਯਾਦਗਾਰ ਸ਼ੋਅ ਲਾਏ।ਉਸ ਨੂੰ ਕਰੀਬ ਤਿੰਨ ਸਾਲ ਬੰਬੇ ਵਿਸਾਖੀ ਤੇ ਕਲਾਕਾਰਾਂ ਦੇ ਕਰਵਾਏ ਜਾਂਦੇ ਪ੍ਰੋਗਰਾਮ ਤੇ ਵੀ ਬੁਲਾਇਆ ਗਿਆ।ਚਮਨ ਲਾਲ ਚਮਨ ਦਾ ਪਹਿਲਾ ਦਫ਼ਤਰ ਫਗਵਾੜੇ ਹੁੰਦਾ ਸੀ।ਕਲਾਕਾਰਾਂ ਦੇ ਕਹਿਣ ਤੇ ਉਹ ਲੁਧਿਆਣਾ ਚਲਾ ਗਿਆ ਜਿੱਥੇ ਉਹ ਕਰੀਬ 15 ਸਾਲ ਰਿਹਾ।8 ਮਾਰਚ,1988 ਨੂੰ ਜਦੋਂ ਅਮਰ ਸਿੰਘ ਚਮਕੀਲਾ-ਅਮਰਜੋਤ ਦੀ ਮੌਤ ਹੋਈ ਉਸ ਸਮੇਂ ਫਿਲੌਰ ਸਰਕਾਰੀ ਹਸਪਤਾਲ ਪਹੰੁਚਣ ਵਾਲਾ ਉਹ ਸਭ ਤੋਂ ਪਹਿਲਾ ਕਲਾਕਾਰ ਸੀ।ਉਸ ਨੇ ਗਾਇਕ ਸਮੀਮ ਸੋਮੇ ਨਾਲ ਕਫਨ ਦੀ ਸੇਵਾ ਵੀ ਕੀਤੀ ਤੇ ਚਮਕੀਲੇ ਦੇ ਸਾਜੀ ਬਲਦੇਵ ਦੇਬੂ ਦੀ ਲਾਸ਼ ਨੂੰ ਗਾਂਧਰਾ ਪਿੰਡ ਆਪ ਛੱਡ ਕੇ ਆਇਆ।ਸੁਣਨ `ਚ ਇਹ ਵੀ ਆਇਆ ਕਿ ਜਦੋਂ ਉਹ `ਕੱਲਾ ਅੰਬੈਸਡਰ ਗੱਡੀ `ਚ ਲਾਸ਼ ਲੈ ਕੇ ਗਿਆ ਸੀ ਤਾਂ ਪਿੰਡ ਵਾਲਿਆਂ ਨੇ ਲਾਸ਼ ਕੱਢਣ ਤੋਂ ਪਹਿਲਾਂ ਹੀ ਉਸ ਦੀ ਕਾਰ ਦੀ ਭੰਨ-ਤੋੜ ਕਰਕੇ ਉਸ ਦੀ ਛੱਤ ਥੱਲੇ ਬਿਠਾ ਦਿੱਤੀ ਸੀ।ਚਮਕੀਲੇ ਦੀ ਮੌਤ ਤੋਂ ਬਾਅਦ ਚਮਨ ਲਾਲ ਚਮਨ ਲੁਧਿਆਣਾ ਛੱਡ ਕੇ ਆਪਣੇ ਸ਼ਹਿਰ ਆ ਗਿਆ।ਉਸ ਸਮੇਂ ਕਲਾਕਾਰਾਂ ਦੇ ਦਫ਼ਤਰਾਂ `ਚ ਪੂਰੀ ਤਰ੍ਹਾਂ ਸੁੰਨ ਪਸਰ ਚੁੱਕੀ ਸੀ।ਘਰਦੇ ਵੀ ਕਹਿੰਦੇ ਸੀ ਕਿ ਤੂੰ ਹੁਣ ਨਹੀਂ ਗਾਉਣਾ ਇਸ ਕਰਕੇ ਚਮਨ ਲਾਲ ਚਮਨ ਦੇ ਬੱਚੇ ਪੜ੍ਹ ਵੀ ਨਹੀਂ ਸਕੇ।ਕੁਝ ਸਮਾਂ ਲੰਘਣ ਤੇ ਚਮਨ ਲਾਲ ਚਮਨ ਨੇ ਫਿਰ ਇੱਕਾ-ਦੁੱਕਾ ਪ੍ਰੋਗਰਾਮ ਲਾਉਣੇ ਸ਼ੁਰੂ ਕਰ ਦਿੱਤੇ।ਚਮਨ ਲਾਲ ਚਮਨ ਦੱਸਦਾ ਸੀ ਕਿ ਚਮਕੀਲੇ ਦੀ ਮੌਤ ਤੋਂ ਬਾਅਦ ਦੂਜਾ ਨੰਬਰ ਮੇਰਾ ਹੀ ਸੀ ਪਰ ਮੈਂ ਡਰਦਾ ਲੁਧਿਆਣਾ ਛੱਡ ਕੇ ਆਪਣੇ ਬੱਚਿਆ ਕੋਲ ਆ ਗਿਆ ਸੀ।ਅੰਤਲੇ ਸਮੇਂ ਚਮਨ ਲਾਲ ਚਮਨ ਆਪਣੇ ਇਸ ਬੁਰੇ ਹਾਲਾਤਾਂ ਦਾ ਭਾਂਡਾ ਕਲਾਕਾਰਾਂ ਸਿਰ ਭੰਨਦਾ ਹੈ।ਇਕ ਸਮਾਂ ਅਜਿਹਾ ਵੀ ਸੀ ਜਦੋਂ ਚਮਨ ਲਾਲ ਚਮਨ ਸਟੇਜ ਛੱਡ ਕੇ ਭੱਜ ਜਾਂਦਾ ਸੀ ਜਦੋਂ ਉਸ ਨੂੰ ਪਤਾ ਲੱਗਦਾ ਸੀ ਕਿ ਕੋਈ ਉਸ ਨੂੰ ਮਾਰਨ ਆਇਆ ਹੈ।ਉਹ ਤਾਂ ਇਹ ਵੀ ਕਹਿੰਦਾ ਹੰੁਦਾ ਸੀ ਕਿ ਕੁਝ ਸ਼ਰਾਰਤੀ ਕਲਾਕਾਰ ਦੂਜੇ ਕਲਾਕਾਰ ਨੂੰ ਅੱਗੇ ਵਧਦਾ ਦੇਖ ਕੇ ਉਸ ਸਮੇਂ ਜ਼ਰਦੇ ਨਹੀਂ ਸੀ, ਇਸ ਕਰਕੇ ਚਮਕੀਲੇ ਦਾ ਕਤਲ ਵੀ ਕਲਾਕਾਰਾਂ ਦੇ ਇਕ ਟੋਲੇ ਵੱਲੋਂ ਰਲ ਕੇ ਕਰਵਾਇਆ ਗਿਆ ਹੋ ਸਕਦਾ ਹੈ।

ਚਮਨ ਲਾਲ ਚਮਨ ਨੇ ਕਈ ਕਲਾਕਾਰਾਂ ਨਾਲ ਮੇਲ ਜੋਲ ਰਿਹਾ ਪਰ ਚਮਕੀਲੇ ਨਾਲ ਉਸ ਦਾ ਪਿਆਰ ਬਹੁਤ ਹੀ ਗੂੜਾ ਸੀ।ਉਹ ਤਾਂ ਕਹਿੰਦਾ ਸੀ ਕਿ ਚਮਕੀਲੇ ਵਰਗਾ ਕਲਾਕਾਰ ਕੋਈ ਦੁਬਾਰਾ ਜਨਮ ਲੈ ਕੇ ਵੀ ਨਹੀਂ ਬਣ ਸਕਦਾ... ਉਹ ਤੂੰਬੀ ਨਾਲ ਗਾਉਂਦਾ ਸੀ... ਆਪ ਗੀਤ ਲਿਖਦਾ ਆਪ ਗਾਉਂਦਾ ਸੀ.... ਤੁਰਲੇ ਵਾਲੀ ਪੱਗ ਦੇ ਟਰੈਂਡ ਨੂੰ ਬਦਲਣ ਵਾਲਾ ਚਮਕੀਲਾ ਹੀ ਸੀ।ਚਮਨ ਲਾਲ ਚਮਨ ਨੇ ਆਪਣੀ ਜ਼ਿੰਦਗੀ ਦਾ ਅਖੀਰਲਾ ਸਮਾਂ ਫਿਲੌਰ ਵਿਖੇ ਹੀ ਬਿਤਾਇਆ।ਉਸ ਦੇ ਪੁੱਤਰ ਨੇ ਮੈਨੂੰ ਦੱਸਿਆ ਕਿ ਮੌਤ ਤੋਂ ਕੁਝ ਦਿਨ ਪਹਿਲਾਂ ਮੇਰੇ ਪਿਤਾ ਜੀ ਨੇ ਵਿਸਾਖੀ ਤੇ ਇਕ ਪੋ੍ਰਗਰਾਮ ਕੀਤਾ ਸੀ।16 ਅਪੈ੍ਰਲ, 2014 ਨੂੰ ਦਿਲ ਦਾ ਦੌਰਾ ਪੈਣ ਕਰਕੇ ਚਮਨ ਲਾਲ ਚਮਨ ਆਪਣੇ ਲੱਖਾਂ ਸਰੋਤਿਆਂ ਨੂੰ ਛੱਡ ਕੇ ਤੁਰ ਗਿਆ।ਉਸ ਦੇ ਪਰਿਵਾਰ ਵਿੱਚੋਂ ਇਸ ਸਮੇਂ ਉਸ ਦਾ ਪੁੱਤਰ ਰਾਕੇਸ਼ ਬਾਲੀ ਤੇ ਪੋਤਰਾ ਰੋਹਿਤ ਬਾਲੀ ਹੀ ਉਸ ਦੀ ਗਾਇਕੀ ਵਿਰਾਸਤ ਨੂੰ ਅੱਗੇ ਤੋਰ ਰਹੇ ਹਨ।ਚਮਨ ਲਾਲ ਚਮਨ ਦੀ ਗਾਇਕੀ ਰਹਿੰਦੀ ਦੁਨੀਆਂ ਤਕ ਜ਼ਿਊਂਦੀ ਰਹੇਗੀ।

ਸ਼ਮਸ਼ੇਰ ਸਿੰਘ ਸੋਹੀ

98764-74671

   

Comments