ਜਦੋਂ ਦਿਲਸ਼ਾਦ ਅਖਤਰ ਦੇ ਪੁਲੀਸ ਅਧਿਕਾਰੀ ਨੇ ਮਾਰੀਆਂ ਗੋਲੀਆਂ

ਦਿਲਸ਼ਾਦ ਅਖਤਰ ਪੰਜਾਬ ਦਾ ਇਕ ਬਹੁਤ ਹੀ ਮਸ਼ਹੂਰ ਗਾਇਕ ਸੀ।ਉਹ ਮਰਹੂਮ ਗਾਇਕਾ ਮਨਪ੍ਰੀਤ ਅਖਤਰ ਦਾ ਭਰਾ ਸੀ। ਸੰਨ 1996 ਵਿੱਚ ਇਕ ਵਿਆਹ ਸਮਾਗਮ ਤੇ ਪ੍ਰੋਗਰਾਮ ਦੌਰਾਨ ਉਸ ਨੂੰ ਇਕ ਪੁਲੀਸ ਅਧਿਕਾਰੀ ਨੇ ਗੋਲੀ ਮਾਰ ਦਿੱਤੀ ਸੀ।ਆਪਣੀ ਆਵਾਜ਼ ਲਈ ਵਿਸ਼ਵ ਵਿਚ ਮਸ਼ਹੂਰ ਇਸ ਗਾਇਕ ਦਾ ਜਨਮ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ ਸੀ।ਉਸ ਦੇ ਬਹੁਤ ਸਾਰੇ ਗੀਤ ਮਸ਼ਹੂਰ ਹੋਏ ਜਿਨ੍ਹਾਂ ਵਿੱਚੋਂ  ਚਰਖਾ ਬੋਲ ਪਿਆ, ਮਨ ਵਿਚ ਵਸਨੈਂ ਸੱਜਣਾ ਵੇ ਰਹਿਨੈਂ ਅੱਖੀਆਂ ਤੋਂ ਦੂਰ, ਤੂੰਬਾ ਮੇਰੀ ਜਾਨ ਕੁੜੇ, ਦੇਸੀ ਬਾਂਦਰੀ ਵਲੈਤੀ ਚੀਕਾਂ ਮਾਰੇ ਮੁੰਡਿਓ, ਸਾਨੂੰ ਪਰਦੇਸੀਆਂ ਨੂੰ ਯਾਦ ਕਰਕੇ ਨੀ ਕਾਹਨੂੰ ਅੱਥਰੂ ਬਹਾਉਂਦੀ ਆਦਿ।

ਦੱਸਿਆ ਜਾਂਦਾ ਹੈ ਕਿ ਜਦੋਂ ਦਿਲਸ਼ਾਦ ਅਖਤਰ ਬਹੁਤ ਹੀ ਮਸ਼ਹੂਰ ਕਲਾਕਾਰ ਬਣ ਗਿਆ ਸੀ ਤਾਂ ਉਸ ਦੇ ਅਖਾੜੇ ਲੋਕਾਂ ਦੇ ਵਿਆਹਾਂ–ਸ਼ਾਦੀਆਂ ਤੇ ਆਮ ਹੀ ਲੱਗਣ ਲੱਗ ਪਏ ਸਨ। ਇਸੇ ਤਰ੍ਹਾਂ ਜਦੋਂ ਉਹ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਿੰਘਪੁਰਾ ਵਿਚ ਅਖਾੜਾ ਲਾਉਣ ਆਇਆ ਤਾਂ ਉੱਥੇ ਕੁਝ ਪੁਲੀਸ ਵਾਲੇ ਵੀ ਮੌਜੂਦ ਸਨ। ਦਿਲਸ਼ਾਦ ਅਖਤਰ ਆਪਣੇ ਗੀਤ ਹੀ ਗਾਉਂਦਾ ਸੀ ਹੋਰ ਕਿਸੇ ਕਲਾਕਾਰ ਦੇ ਗੀਤ ਗਾਉਣੇ ਉਸ ਨੂੰ ਪਸੰਦ ਨਹੀਂ ਸੀ। ਇਸ ਪੋ੍ਗਰਾਮ ਵਿਚ ਦਿਲਸ਼ਾਦ ਅਖਤਰ ਬਹੁਤ ਸਾਰੇ ਗੀਤ ਗਾ ਚੁੱਕਾ ਸੀ ਪਰ ਇਕ ਪੁਲੀਸ ਅਧਿਕਾਰੀ ਚਾਹੁੰਦਾ ਸੀ ਕਿ ਉਹ ਮੇਰੀ ਫ਼ਰਮਾਇਸ਼ ਤੇ ਕਿਸੇ ਹੋਰ ਕਲਾਕਾਰ ਦਾ ਗੀਤ ਗਾਵੇ। ਇਸ ਕਰਕੇ ਉਹ ਦਿਲਸ਼ਾਦ ਅਖਤਰ ਨੂੰ ਵਾਰ–ਵਾਰ ਦੂਜੇ ਕਲਾਕਾਰ ਦਾ ਗੀਤ ਗਾਉਣ ਲਈ ਕਹੀ ਜਾ ਰਿਹਾ ਸੀ। ਪਰ ਦਿਲਸ਼ਾਦ ਨੇ ਆਖਿਆ ਕਿ ਮੈਂ ਹੋਰ ਕਿਸੇ ਕਲਾਕਾਰ ਦੇ ਗੀਤ ਨਹੀਂ ਗਾਉਂਦਾ। ਨਸ਼ੇ ਵਿਚ ਧੁੱਤ ਉਸ ਪੁਲੀਸ ਅਧਿਕਾਰੀ ਨੇ ਆਪਣੇ ਬਾਡੀਗਾਰਡ ਤੋਂ ਹਥਿਆਰ ਫੜ ਕੇ ਸਿੱਧੀਆਂ ਗੋਲੀਆਂ ਦਿਲਸ਼ਾਦ ਅਖਤਰ ਤੇ ਚਲਾ ਦਿੱਤੀਆਂ। 

ਇਸ ਘਟਨਾ ਤੋਂ ਬਾਅਦ ਇਸ ਪੁਲੀਸ ਅਧਿਕਾਰੀ ਨੂੰ ਨੌਕਰੀ ਤੋਂ ਬਰਖ਼ਾਸਤ ਕਰਕੇ ਜੇਲ੍ਹ ਵੀ ਭੇਜ ਦਿੱਤਾ ਗਿਆ ਪਰ ਬਾਅਦ ਵਿਚ ਉਹ ਫਿਰ ਬਹਾਲ ਹੋ ਗਿਆ।ਸਾਲ 2002 ਵਿਚ ਉਹ ਡੀ.ਐੱਸ.ਪੀ ਵੱਜੋਂ ਸੇਵਾਮੁਕਤ ਹੋ ਗਿਆ।ਦਿਲਸ਼ਾਦ ਅਖ਼ਤਰ ਨੂੰ ਗੋਲੀ ਮਾਰਨ ਵਾਲੀ ਗਲਤੀ ਤੇ ਇਕ ਖਾੜਕੂ ਨੂੰ ਝੂਠੇ ਮੁਕਾਬਲੇ 'ਚ ਮਾਰਨ ਵਾਲੇ ਕੇਸ ਤੇ ਕਈ ਹੋਰ ਪੁਰਾਣੇ ਸੀਬੀਆਈ ਦੇ ਅੰਡਰ ਚੱਲਦੇ ਕੇਸਾਂ 'ਚ ਫਸਿਆ ਹੋਣ ਕਰਕੇ ਉਹ ਏਨਾ ਡਿਪਰੈਸ਼ਨ ਵਿਚ ਚਲਾ ਗਿਆ ਕਿ ਇਕ ਦਿਨ ਸਾਲ 2008 ਵਿਚ ਆਪਣੇ ਘਰ ਵਿਚ ਹੀ ਉਸ ਨੇ ਆਪਣੀ ਹੀ ਬੰਦੂਕ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ।ਜਿਸ ਨਾਲ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ।

ਅਮਰ ਸਿੰਘ ਚਮਕੀਲਾ–ਅਮਰਜੋਤ , ਵਰਿੰਦਰ ਤੋਂ ਬਾਅਦ ਪੰਜਾਬੀਆਂ ਨੇ ਦਿਲਸ਼ਾਦ ਅਖਤਰ ਦੀ ਮੌਤ ਤੇ ਵੀ ਬਹੁਤ ਸੋਗ ਮਨਾਇਆ। ਪੰਜਾਬ ਦੇ ਮਸ਼ਹੂਰ ਕਲਾਕਾਰਾਂ ਨੇ ਉਸ ਸਮੇਂ ਗਾਇਕਾਂ ਦੇ ਹੱਕ ਵਿਚ ਲੜਾਈ ਲੜੀ ਪਰ ਉਹ ਕਾਮਯਾਬ ਨਹੀਂ ਹੋ ਸਕੇ।ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਪੁਲੀਸ ਅਧਿਕਾਰੀ ਦੀ ਗੋਲੀ ਨਾਲ ਕੋਈ ਪੰਜਾਬੀ ਗਾਇਕ ਮਾਰਿਆ ਗਿਆ ਹੋਵੇ।ਇਹ ਵੀ ਸੁਣਨ ਵਿਚ ਆਇਆ ਕਿ ਹੋਰ ਪੁਲੀਸ ਮੁਲਾਜ਼ਮਾਂ ਨੇ ਇਸ ਘਟਨਾ ਤੋਂ ਬਾਅਦ ਬਹੁਤ ਦੁੱਖ ਮਨਾਇਆ ਸੀ।ਦਿਲਸ਼ਾਦ ਅਖਤਰ ਨੇ ਬਹੁਤ ਹੀ ਮਸ਼ਹੂਰ ਗੀਤ ਪੰਜਾਬੀ ਸਰੋਤਿਆਂ ਦੀ ਝੋਲੀ ਪਾਏ ਜਿਨ੍ਹਾਂ ਨੂੰ ਲੋਕ ਅੱਜ ਵੀ ਬੜੇ ਚਾਅ ਨਾਲ ਸੁਣਦੇ ਹਨ।ਦਿਲਸ਼ਾਦ ਅਖਤਰ ਭਾਵੇਂ ਮੁੜਕੇ ਨਹੀਂ ਆਉਣਾ ਪਰ ਉਸ ਦੇ ਗੀਤ ਪੰਜਾਬ ਦੀ ਫ਼ਿਜ਼ਾ ਵਿਚ ਹਮੇਸ਼ਾ ਗੂੰਜਦੇ ਰਹਿਣਗੇ।

www.chamkila.in

Comments