ਜਦੋਂ ਵਰਿੰਦਰ ਦੇ ਵੱਜੀਆਂ ਗੋਲੀਆਂ

 


ਜ਼ਿਲ੍ਹਾ ਲੁਧਿਆਣਾ ਦੇ ਪਿੰਡ ਤਲਵੰਡੀ ਕਲਾਂ ਸਥਿਤ ਇੱਕ ਘਰ ਵਿੱਚ ਆਸ-ਪਾਸ ਦੇ ਪਿੰਡਾਂ ਦੇ ਕਈ ਲੋਕ ਫਿਲਮ ਦੀ ਸ਼ੂਟਿੰਗ ਵੇਖਣ ਆਏ ਹੋਏ ਸਨ। ਸਾਰੇ ਪਿੰਡ ਦਾ ਮਾਹੌਲ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹੋਣ। ਇਹ ਪੰਜਾਬੀ ਫਿਲਮ 'ਜੱਟ ਤੇ ਜ਼ਮੀਨ' ਦੇ ਆਖਰੀ ਗੀਤ ਦੀ ਸ਼ੂਟਿੰਗ ਹੋ ਰਹੀ ਸੀ।

ਲੋਕਾਂ ਨੇ ਆਪਣੇ ਵਾਹਨ ਸ਼ੂਟਿੰਗ ਵਾਲੀ ਥਾਂ ਦੇ ਨੇੜੇ ਦੇ ਘਰਾਂ ਵਿੱਚ ਖੜ੍ਹੇ ਕੀਤੇ ਹੋਏ ਸਨ। ਦੁਪਹਿਰ ਤੋਂ ਬਿਜਲੀ ਨਾ ਹੋਣ ਕਰਕੇ ਜਨਰੇਟਰ ਚਲ ਰਿਹਾ ਸੀ। ਇਹ 6 ਦਸੰਬਰ, 1988 ਦੀ ਇੱਕ ਠੰਡੀ ਸ਼ਾਮ ਸੀ। ਸਮਾਂ ਕਰੀਬ ਅੱਠ ਕੁ ਵਜੇ ਤੋਂ ਪਹਿਲਾਂ ਦਾ ਦੱਸਿਆ ਜਾਂਦਾ ਹੈ। ਪਿੰਡ ਦੇ ਆਦਮੀ, ਔਰਤਾਂ, ਤੇ ਬੱਚਿਆਂ ਨੇ ਠੰਢ ਤੋਂ ਬਚਣ ਲਈ ਆਪਣੇ ਆਪ ਨੂੰ ਗਰਮ ਸ਼ਾਲਾਂ, ਕੰਬਲਾਂ ਅਤੇ ਊਨੀ ਕੱਪੜਿਆਂ ਨਾਲ ਢੱਕਿਆ ਹੋਇਆ ਸੀ।

ਤਿਆਰੀਆਂ ਪੂਰੀਆਂ ਹੋ ਚੁੱਕੀਆਂ ਸਨ ਅਤੇ ਸ਼ੂਟਿੰਗ ਲਈ ਸੈੱਟ ਤਿਆਰ ਸੀ। ਪਿੰਡ ਤਲਵੰਡੀ ਕਲਾਂ ਦੇ ਕੁਝ ਨੌਜਵਾਨਾਂ ਨੇ ਗੀਤ ਦੀ ਸ਼ੂਟਿੰਗ ਦੌਰਾਨ ਭੰਗੜਾ ਪਾਉਣਾ ਸੀ।ਇਸ ਫਿਲਮ ਦੇ ਮੇਨ ਐਕਟਰ ਅਤੇ ਨਿਰਦੇਸ਼ਕ ਵਰਿੰਦਰ ਅਤੇ ਹੀਰੋਇਨ ਮਨਪ੍ਰੀਤ ਕੌਰ ਵੀ ਗੀਤ ਦੀ ਸ਼ੂਟਿੰਗ ਲਈ ਪੂਰੀ ਤਰ੍ਹਾਂ ਤਿਆਰ ਸਨ। ਉਹ ਗੀਤ ਦਾ ਕੁਝ ਹਿੱਸਾ ਸ਼ੂਟ ਕਰਦੇ ਸਨ ਤੇ ਫਿਰ ਕੁਝ ਸਮੇਂ ਲਈ ਰੁਕ ਜਾਂਦੇ ਸਨ। ਇਸ ਤਰ੍ਹਾਂ ਲਗਾਤਾਰ ਚਲ ਰਿਹਾ ਸੀ। ਪਿੰਡ ਦੇ ਲੋਕ ਬੜੇ ਚਾਅ ਨਾਲ ਗੀਤ ਦੀ ਸ਼ੂਟਿੰਗ ਦਾ ਆਨੰਦ ਮਾਣ ਰਹੇ ਸਨ ਪਰ ਹਰੇਕ ਦੇ ਮਨ ਵਿਚ ਡਰ ਸੀ ਕਿਉਂਕਿ ਉਸ ਸਮੇਂ ਪੰਜਾਬ ਵਿਚ ਖਾੜਕੂਵਾਦ ਦਾ ਜ਼ੋਰ ਹੋਣ ਕਰਕੇ ਮਾਹੌਲ ਬਹੁਤ ਹੀ ਖ਼ਰਾਬ ਸੀ। ਪ੍ਸਿੱਧ ਗਾਇਕ ਤੇ ਫਿਲਮੀ ਹਸਤੀਆਂ ਨੂੰ ਵੀ ਹਮੇਸ਼ਾ ਡਰ ਰਹਿੰਦਾ ਸੀ ਕਿਉਂਕਿ ਇਸੇ ਸਾਲ ਮਾਰਚ ਮਹੀਨੇ ਵਿੱਚ ਦਿਨ–ਦਿਹਾੜੇ ਚਮਕੀਲਾ–ਅਮਰਜੋਤ ਦੀ ਮੌਤ ਦਾ ਦਰਦ ਲੋਕੀਂ ਹੰਢਾ ਚੁੱਕੇ ਸਨ।

ਇਸੇ ਦੌਰਾਨ ਸਾਰਿਆਂ ਨੂੰ ਅਚਾਨਕ ਪਟਾਕੇ ਚੱਲਣ ਵਰਗੀ ਆਵਾਜ਼ ਸੁਣਾਈ ਦਿੱਤੀ। ਜਨਰੇਟਰ ਦੇ ਰੌਲੇ-ਰੱਪੇ ਵਿਚ ਭੀੜ ਵਿਚ ਇਕ ਪਲ ਲਈ ਕੋਈ ਸਮਝ ਹੀ ਨਹੀਂ ਸਕਿਆ ਕਿ ਕੀ ਹੋਇਆ ਹੈ। ਜਲਦੀ ਹੀ ਲੋਕਾਂ ਨੂੰ ਅਹਿਸਾਸ ਹੋਇਆ ਕਿ ਇਹ ਗੋਲੀਆਂ ਚੱਲਣ ਦੀ ਆਵਾਜ਼ ਹੈ। ਇਸ ਕਰਕੇ ਉਹ ਆਪਣੇ ਆਪ ਨੂੰ ਬਚਾਉਣ ਲਈ ਭੱਜ ਗਏ।ਲੋਕਾਂ ਨੇ ਕੋਠਿਆਂ ਤੋਂ ਛਾਲਾਂ ਮਾਰ ਦਿੱਤੀਆਂ।ਜਿੱਧਰ ਵੀ ਕਿਸੇ ਨੂੰ ਰਸਤਾ ਮਿਲਿਆ ਉਹ ਭੱਜ ਗਿਆ।ਉਸ ਸਮੇਂ ਖਾੜਕੂਵਾਦ ਦਾ ਦੌਰ ਸੀ ਇਸ ਕਰਕੇ ਹਰੇਕ ਦੇ ਮਨ ਵਿਚ ਡਰ ਬਹੁਤ ਸੀ।

ਵਰਿੰਦਰ, ਕੈਮਰਾਮੈਨ ਪ੍ਰੀਤਮ ਸਿੰਘ ਭੱਲਾ ਅਤੇ ਅਦਾਕਾਰਾ ਮਨਪ੍ਰੀਤ ਕੌਰ ਨੂੰ ਗੋਲੀਆਂ ਲੱਗੀਆਂ ਤੇ ਇਕ ਉਨ੍ਹਾਂ ਦਾ ਸਾਥੀ ਮਾਰਿਆ ਗਿਆ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਵਰਿੰਦਰ ਦੀ ਮੌਤ ਮੌਕੇ ਤੇ ਹੀ ਹੋ ਗਈ ਸੀ। ਪਿੰਡ ਤਲਵੰਡੀ ਕਲਾਂ ਤੇ ਆਸ ਪਾਸ ਦੇ ਇਲਾਕੇ ਵਿਚ ਉਸ ਸਮੇਂ ਲੋਕਾਂ ਵਿਚ ਡਰ ਪੈਦਾ ਹੋ ਗਿਆ ਕਿ ਏਨੀ ਵੱਡੀ ਹਸਤੀ ਨੂੰ ਗੋਲੀਆਂ ਵੱਜ ਸਕਦੀਆਂ ਹਨ ਤਾਂ ਅਸੀਂ ਕੀ ਚੀਜ਼ ਹਾਂ। ਇਸੇ ਡਰ ਕਾਰਨ ਕੁਝ ਸਮੇਂ ਲਈ ਪੰਜਾਬੀ ਫਿਲਮਾਂ ਵੀ ਬਣਨੀਆਂ ਬੰਦ ਹੋ ਗਈਆਂ।ਵਰਿੰਦਰ ਦੇ ਕਾਤਿਲ ਕੌਣ ਸਨ ਇਹ ਅੱਜ ਵੀ ਪਤਾ ਨਹੀਂ ਲੱਗ ਸਕਿਆ। ਵੈਸੇ ਵੀ ਪੰਜਾਬੀ ਸਿਨੇਮਾ ਨੇ ਉਸ ਨੂੰ ਭੁਲਾ ਦਿੱਤਾ ਹੈ।

ਸ਼ਮਸ਼ੇਰ ਸਿੰਘ ਸੋਹੀ

ਚਮਕੀਲੇ ਦੇ ਗੀਤ ਸੁਣਨ ਲਈ ਹੇਠਾਂ ਦਿੱਤੇ ਹੋਏ ਲਿੰਕ ਤੇ ਕਲਿੱਕ ਕਰੋ।

https://chamkila.in/index.php/chamkila-duet-with-amarjot/



 

Comments